Spread the love

ਪੀ.ਏ.ਯੂ. ਨੇ ਝੋਨੇ ਦੇ ਆਉਂਦੇ ਸੀਜ਼ਨ ਲਈ ਮਿਆਰੀ ਬੀਜ ਕਿਸਾਨਾਂ ਨੂੰ ਉਪਲੱਬਧ ਕਰਾਉਣ ਦੇ ਮੰਤਵ ਨਾਲ ਇਕ ਵੱਡਾ ਫੈਸਲਾ ਲਿਆ ਹੈ| ਇਸ ਫੈਸਲੇ ਅਨੁਸਾਰ ਹੁਣ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ ਹਫਤੇ ਦੇ ਸੱਤੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀ ਰਹੇਗੀ| ਕਿਸਾਨਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਪੀ.ਏ.ਯੂ. ਦੀਆਂ ਮਿਆਰੀ ਕਿਸਮਾਂ ਦਾ ਬੀਜ ਮਿਲ ਸਕੇਗਾ| ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਸਥਾਪਿਤ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ ਤੇ ਵੀ ਇਹ ਬੀਜ ਉਪਲੱਬਧ ਹੈ|

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਘੱਟ ਸਮੇਂ ਵਿਚ ਪੱਕਣ ਵਾਲੀਆਂ ਮਿਆਰੀ ਪੀ ਆਰ ਕਿਸਮਾਂ ਦਾ ਬੀਜ ਰਾਜ ਦੇ ਕਿਸਾਨਾਂ ਨੂੰ ਮੁਹੱਈਆ ਕਰਾਉਣਾ ਹੈ| ਉਹਨਾਂ ਕਿਹਾ ਕਿ 2023 ਦੇ ਅੰਕੜਿਆਂ ਅਨੁਸਾਰ ਝੋਨੇ ਦੀ ਕਾਸ਼ਤ ਵਾਲੇ 70 ਪ੍ਰਤੀਸ਼ਤ ਦੇ ਕਰੀਬ ਰਕਬੇ ਉੱਪਰ ਪੀ ਆਰ ਕਿਸਮਾਂ ਦੀ ਕਾਸ਼ਤ ਹੋਈ ਹੈ| ਇਸ ਸਾਲ ਇਹ ਰਕਬਾ ਵਧਾਉਣ ਦੇ ਮੰਤਵ ਨਾਲ ਕਿਸਾਨਾਂ ਨੂੰ ਬੀਜ ਉਪਲੱਬਧ ਕਰਾਉਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ| ਡਾ. ਗੋਸਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਪੱਖੀ ਖੇਤੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵਿਚ ਯੂਨੀਵਰਸਿਟੀ ਦੀ ਧਿਰ ਬਣਨ ਲਈ ਘੱਟ ਮਿਆਦ ਵਿਚ ਪੱਕਣ ਵਾਲੀਆਂ ਪੀ ਆਰ -126 ਵਰਗੀਆਂ ਕਿਸਮਾਂ ਦੀ ਕਾਸ਼ਤ ਯਕੀਨੀ ਬਨਾਉਣ|