ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ
ਡੇਰਾਬੱਸੀ, 12 ਮਈ ਬਣਵੈਤ
ਡੇਰਾਬੱਸੀ ਰੇਲਵੇ ਓਵਰਬ੍ਰਿਜ ’ਤੇ ਡੇਰਾਬੱਸੀ ਫ਼ਲਾਈਓਵਰ ਦਰਮਿਆਨ ਪੁਲਿਸ ਬੀਟ ਬਾਕਸ ਨੇੜੇ ਹੋਏ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਟਰਾਲੇ ਥੱਲੇ ਦਰੜੇ ਜਾਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਬਾਅਦ ਵਿਚ ਉਸਦੀ ਧੀ ਦੀ ਪੀ.ਜੀ.ਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ਼ ਮੌਤ ਹੋ ਗਈ। ਪਤਨੀ ਨੂੰ ਡੇਰਾਬੱਸੀ ਹਸਪਤਾਲ ਤੋਂ ਬਾਅਦ ਪੀ.ਜੀ.ਆਈ ਚੰਡੀਗੜ੍ਹ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਹੈ। ਮ੍ਰਿਤਕ ਮੋਟਰਸਾਈਕਲ ਚਾਲਕ ਦੀ ਪਹਿਚਾਣ ਵਿਜੈ ਕੁਮਾਰ (52) ਪੁੱਤਰ ਰਣਬੀਰ ਸਿੰਘ ਅਤੇ ਉਸਦੀ ਧੀ ਵਿਸ਼ਾਲੀ (26) ਵਾਸੀ ਗੁਰੂ ਨਾਨਕ ਕਲੋਨੀ ਲਾਲੜੂ ਦੇ ਤੌਰ ’ਤੇ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਵਿਜੈ ਕੁਮਾਰ (52) ਆਪਣੀ ਪਤਨੀ ਮਮਤਾ (50) , ਧੀ ਵਿਸ਼ਾਲੀ (26) ਨਾਲ ਸਪੈਲੰਡਰ ਮੋਟਰਸਾਈਕਲ ਰਾਹੀਂ ਪੰਚਕੂਲਾ ਨੇੜੇ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਸਨ, ਜਦੋਂ ਕਿ ਉਨ੍ਹਾਂ ਦਾ ਸਪੁੱਤਰ ਵਿਮਾਸ਼ੂ (24) ਬੱਸ ਰਾਹੀਂ ਆ ਰਿਹਾ ਸੀ। ਡੇਰਾਬੱਸੀ ਡੀ.ਏ.ਵੀ ਸਕੂਲ ਦੇ ਅੱਗੇ ਜਦੋਂ ਡੇਰਬੱਸੀ ਓਵਰਬ੍ਰਿਜ ’ਤੇ ਚੜ੍ਹਨ ਲੱਗੇ ਤਾਂ ਰੇਲਵੇ ਓਵਰਬ੍ਰਿਜ ਤੋਂ ਉਤਰ ਰਹੇ 10 ਟਾਇਰੀ ਟਰਾਲੇ ਦੀ ਲਪੇਟ ਵਿਚ ਆ ਗਏ। ਇਸ ਹਾਦਸੇ ’ਚ ਮੋਟਰਸਾਈਕਲ ਟਰਾਲੇ ਦੇ ਅਗਲੇ ਪਾਸੇ ਫ਼ਸ ਗਿਆ , ਜਿਸ ਤੇ ਤਿੰਨੋਂ ਜਣੇ ਸਵਾਰ ਸਨ। ਮੋਟਰਸਾਈਕਲ ਚਾਲਕ ਵਿਜੈ ਕੁਮਾਰ ਦੀ ਟਰਾਲੇ ਦੇ ਪਿਛਲੇ ਟਾਇਰਾਂ ਥੱਲੇ ਦਰੜੇ ਜਾਣ ਨਾਲ ਦਰਦਨਾਕ ਮੌਤ ਹੋ ਗਈ। ਪਿੱਛੇ ਸਵਾਰ ਪਤਨੀ ਮਮਤਾ ਅਤੇ ਧੀ ਵਿਸ਼ਾਲੀ ਵੀ ਬੁਰੀ ਤਰ੍ਹਾਂ ਫ਼ੱਟੜ ਹੋ ਗਏ। ਧੀ ਵਿਸ਼ਾਲੀ ਦੀਆਂ ਢਿੱਡ ਦੀਆਂ ਅੰਤੜੀਆਂ ਬਾਹਰ ਨਿਕਲ ਗਈਆ ਸਨ ਜਿਸ ਨੇ ਪੀ.ਜੀ.ਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ਼ ਦਮ ਤੋੜ ਦਿੱਤਾ। ਪਤਨੀ ਮਮਤਾ ਦੇ ਸੱਜੀ ਲੱਤ ਉਪਰੋਂ ਦੀ ਟਾਇਰ ਲੰਘ ਜਾਣ ਕਾਰਨ ਲੱਤ ਬੁਰੀ ਤਰ੍ਹਾਂ ਕੁਚਲੀ ਗਈ, ਜੋ ਪੀ.ਜੀ.ਆਈ ਜ਼ੇਰੇ ਇਲਾਜ਼ ਹੈ। ਪੁਲਿਸ ਨੇ ਟਰਾਲੇ ਨੂੰ ਜ਼ਬਤ ਕਰਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਮੋਟਰਸਾਈਕਲ ਚਾਲਕ ਵਿਜੈ ਕੁਮਾਰ ਅਤੇ ਧੀ ਵਿਸ਼ਾਲੀ ਦੀ ਪੁਰਾਣੀ ਤਸਵੀਰ।
ਫ਼ੋਟੋ ਕੈਪਸ਼ਨ
ਹਾਦਸੇ ਦੌਰਾਨ ਟਰਾਲੇ ਅੱਗੇ ਫ਼ਸੇ ਮੋਟਰਸਾਈਕਲ ਦੀ ਤਸਵੀਰ ਅਤੇ ਫੱਟੜ ਮਹਿਲਾ ਨੂੰ ਇਲਾਜ਼ ਲਈ ਲਿਜਾਂਦੇ ਹੋਏ।